ਝੋਨੇ ਦਾ ਸਫਲ ਮੰਡੀਕਰਨ ਸਮੇਂ ਦੀ ਜ਼ਰੂਰਤ

ਝੋਨੇ ਦਾ ਸਫਲ ਮੰਡੀਕਰਨ ਸਮੇਂ ਦੀ ਜ਼ਰੂਰਤ
X

ਦੇਸ਼ ਦਾ ਸਿਰਫ਼ 1.53 ਪ੍ਰਤੀਸ਼ਤ ਭੂਗੋਲਿਕ ਖੇਤਰ ਵਾਲਾ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ ਝੋਨੇ ਦਾ 21.6 ਪ੍ਰਤੀਸ਼ਤ ਹਿੱਸਾ ਪਾਉਂਦਾ ਹੈ। ਸਾਉਣੀ ਸੀਜ਼ਨ 2023 ਦੌਰਾਨ ਪੰਜਾਬ ਵਿਚ ਝੋਨੇ ਦਾ ਕੁੱਲ ਰਕਬਾ 31.99 ਲੱਖ ਹੈਕਟੇਅਰ ਹੈ ਜਿਸ ਤੋਂ ਅੰਦਾਜ਼ਨ 208.89 ਲੱਖ ਟਨ ਪੈਦਾਵਾਰ ਹੋਣ ਦਾ ਅੰਦਾਜ਼ਾ ਹੈ। ਬਾਸਮਤੀ ਅਧੀਨ 5.96 ਲੱਖ ਹੈਕਟੇਅਰ ਰਕਬਾ ਹੈ। ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰੇਕ ਕਿਸਾਨ ਦਾ ਸੁਪਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ।

ਜਿਵੇਂ ਕਿ ਹੁਣ ਝੋਨੇ ਦੇ ਮੰਡੀਕਰਨ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਾਂ ਫ਼ਸਲ ਦਾ ਵਾਜਿਬ ਮੁੱਲ ਪਾਉਣ ਲਈ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੇ ਸਾਉਣੀ ਸੀਜ਼ਨ 2023-24 ਲਈ ਝੋਨੇ ਦੇ ‘ਏ ਗ੍ਰੇਡ’ ਲਈ 2203 ਰੁਪਏ ਪ੍ਰਤੀ ਕੁਇੰਟਲ ਅਤੇ ‘ਆਮ ਗ੍ਰੇਡ’ ਲਈ 2183 ਰੁਪਏ ਪ੍ਰਤੀ ਕੁਇੰਟਲ ਨਿਊਨਤਮ ਸਮਰਥਨ ਮੁੱਲ ਨਿਸ਼ਚਤ ਕਰ ਕੇ ਪਿਛਲੇ ਸਾਲ ਨਾਲੋਂ 143 ਰੁਪਏ ਦਾ ਵਾਧਾ ਕੀਤਾ ਹੈ। ਮੰਡੀਆਂ ਵਿਚ ਖ਼ਰੀਦ ਦੀ ਪ੍ਰਕਿਰਿਆ 1 ਅਕਤੂਬਰ 2023 ਤੋਂ ਸ਼ੁਰੂ ਹੋ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸੀਜ਼ਨ ਦੌਰਾਨ 182.00 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਲਈ ਵੱਖ-ਵੱਖ ਖ਼ਰੀਦ ਏਜੰਸੀਆਂ (ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰ ਹਾਊਸ, ਐੱਫਸੀਆਈ) ਨੂੰ ਟੀਚੇ ਨਿਰਧਾਰਤ ਕਰ ਦਿੱਤੇ ਗਏ ਹਨ। ਸੁਚਾਰੂ ਮੰਡੀਕਰਨ ਲਈ ਸਭ ਤੋਂ ਪਹਿਲਾਂ ਅਨਾਜ ਖ਼ਰੀਦ ਪੋਰਟਲ (https:/anaajkharid.in) ’ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਨਵੇਂ ਨਿਯਮਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖ਼ਰੀਦ ਜ਼ਮੀਨੀ ਰਕਬੇ ਦੇ ਆਧਾਰ ’ਤੇ ਕੀਤੀ ਜਾਣੀ ਹੈ, ਇਸ ਲਈ e-mandikaran ਸਾਈਟ ’ਤੇ ਆੜ੍ਹਤੀਆ ਲੈਂਡ ਮੈਪਿੰਗ ਪੋਰਟਲ ’ਤੇ ਆੜ੍ਹਤੀਆਂ ਰਾਹੀਂ ਜ਼ਮੀਨ ਦੀ ਮੈਪਿੰਗ ਕਰਵਾ ਕੇ ਫਾਰਮਰ ਆਈਡੀ ਨਾਲ ਲਿੰਕ ਕਰਵਾ ਲਿਆ ਜਾਵੇ ਤਾਂ ਜੋ ਰਕਬੇ ਅਨੁਸਾਰ ਫ਼ਾਇਦਾ ਲਿਆ ਜਾ ਸਕੇ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਨ੍ਹਾਂ ਪੋਰਟਲਜ਼ ’ਤੇ ਕਿਸਾਨਾਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ। ਜੇ ਕਿਸਾਨ ਵੱਲੋਂ ਕਿਸੇ ਜ਼ਮੀਨ ਦਾ ਇੰਦਰਾਜ ਕਰਾਉਣਾ ਜਾਂ ਅਪਡੇਟ ਕਰਾਉਣਾ ਹੋਵੇ, ਉਹ ਵੀ ਮੰਡੀ ’ਚ ਜਿਨਸ ਵੇਚਣ ਤੋਂ ਪਹਿਲਾਂ ਕਰਵਾ ਲਿਆ ਜਾਵੇ ਕਿਉਂਕਿ ਇਕ ਵਾਰ ਫ਼ਸਲ ਵਿਕਣ ਮਗਰੋਂ ਇਹ ਵੇਰਵੇ ਦਰੁਸਤ ਕਰਵਾਉਣੇ ਸੰਭਵ ਨਹੀਂ। ਇਸ ਪੋਰਟਲ ਰਾਹੀਂ ਹੀ ਜੇ-ਫਾਰਮ ਤੇ ਜਿਨਸ ਦੀ ਸਿੱਧੀ ਅਦਾਇਗੀ ਪ੍ਰਾਪਤ ਹੋਵੇਗੀ। ਸਮੇਂ ਸਿਰ ਤੇ ਸੌਖਾਲੇ ਮੰਡੀਕਰਨ ਲਈ ਉਤਪਾਦਕਾਂ ਨੂੰ ਜਿਨਸ ਦੀ ਗੁਣਵੱਤਾ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

ਗੁਣਵੱਤਾ ਨੂੰ ਪ੍ਰਭਾਵਤ ਕਰਨ ਵਾਲੇ ਕਾਰਕਾਂ (ਬੀਜ ਕੁਆਲਿਟੀ, ਬਿਜਾਈ ਦਾ ਸਮਾਂ, ਖਾਦਾਂ ਦੀ ਮਾਤਰਾ, ਪਾਣੀ ਦੀ ਮਾਤਰਾ, ਮਿੱਟੀ ਦੀ ਸਿਹਤ, ਕਟਾਈ ਦਾ ਸਮਾਂ) ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਜਦਕਿ ਕਟਾਈ ਦਾ ਸਮਾਂ ਨਜ਼ਦੀਕ ਹੈ ਤਾਂ ਕਿਸਾਨਾਂ ਨੂੰ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਕੀਤੀ ਕਟਾਈ ਫ਼ਸਲ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਕਟਾਈ ਸਮੇਂ ਦਾਣੇ ਨੀਚੇ ਤੋਂ ਉੱਪਰ ਤੱਕ ਸਾਰੇ ਇਕਸਾਰ ਸੁੱਕੇ ਹੋਣ, ਉਨ੍ਹਾਂ ਵਿਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵੱਧ ਨਾ ਹੋਵੇ, ਝੋਨਾ ਨਿੱਸਰਨ ਤੋਂ ਕਟਾਈ ਤੱਕ ਦਾ ਸਮਾਂ ਘੱਟ ਤੋਂ ਘੱਟ 35 ਦਿਨਾਂ ਦਾ ਹੋਵੇ, ਪੱਤਿਆਂ ਦਾ ਰੰਗ ਭੂਰਾ ਹੋਵੇ। ਸਮੇਂ ਤੋਂ ਪਹਿਲਾਂ ਕੀਤੀ ਕਟਾਈ ਨਾਲ ਦਾਣਿਆਂ ਵਿਚ ਕੱਚਾਪਣ, ਟੁੱਟ-ਭੱਜ, ਵੱਧ ਨਮੀ ਅਤੇ ਬਿਮਾਰੀਆਂ ਦੀ ਆਮਦ ਦਾ ਖ਼ਤਰਾ ਰਹਿੰਦਾ ਹੈ। ਦੇਰੀ ਨਾਲ ਕੀਤੀ ਕਟਾਈ ਕਾਰਨ ਦਾਣੇ ਫਟਣ ਅਤੇ ਬਿਖਰਨ ਨਾਲ ਚੂਹਿਆਂ, ਪੰਛੀਆਂ, ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵਧ ਸਕਦਾ ਹੈ। ਸਿੱਲੇ੍ਹ ਮੌਸਮ, ਜਲਦ ਸਵੇਰੇ ਅਤੇ ਦੇਰ ਸ਼ਾਮ ਨੂੰ ਕਟਾਈ ਨਾ ਕੀਤੀ ਜਾਵੇ ਜਿਸ ਨਾਲ ਦਾਣਿਆਂ ਵਿਚ ਨਮੀ ਦੀ ਮਾਤਰਾ ਵਧ ਸਕਦੀ ਹੈ। ਜਿਨਸ ਦਾ ਉੱਚ ਵਪਾਰਕ ਮੁੱਲ ਲੈਣ ਲਈ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਵੱਲੋਂ ਝੋਨੇ ਦੀ ਨਿਊਨਤਮ ਸਮਰਥਨ ਮੁੱਲ ’ਤੇ ਖ਼ਰੀਦ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਅਪਣੇ ਪੱਧਰ ’ਤੇ ਜਿਨਸ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ। ਜਿਨਸ ਪੂਰੀ ਤਰ੍ਹਾਂ ਸੁੱਕੀ, ਸਾਫ਼-ਸਵੱਛ, ਦਾਣਿਆਂ ਦੇ ਰੰਗ ਅਤੇ ਸਾਈਜ਼ ਵਿਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਗੰਧ, ਉੱਲੀ, ਕੀੜਿਆਂ ਅਤੇ ਅਸ਼ੁੱਧੀਆਂ ਤੋਂ ਰਹਿਤ ਹੋਣੀ ਚਾਹੀਦੀ ਹੈ। ਨਿਰਧਾਰਤ ਮਾਪਦੰਡਾਂ ਅਨੁਸਾਰ ਜਿਨਸ ਵਿਚ ਅਜੈਵਿਕ ਅਸ਼ੁੱਧੀਆਂ (1 ਪ੍ਰਤੀਸ਼ਤ), ਜੈਵਿਕ ਅਸ਼ੁੱਧੀਆਂ (1 ਪ੍ਰਤੀਸ਼ਤ) ਟੁੱਟੇ ਅਤੇ ਸੁੰਗੜੇ ਦਾਣੇ (3%), ਖ਼ਰਾਬ ਬਦਰੰਗੇ ਕੀੜੇ ਖਾਧੇ ਦਾਣੇ (5%), ਨਮੀ ਦੀ ਮਾਤਰਾ (17%) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।

ਉਤਪਾਦਕ ਕੋਲ ਮੰਡੀਕਰਨ ਦੇ ਕਈ ਵਿਕਲਪ ਹਨ। ਇਕ ਤਾਂ ਨਿੱਜੀ ਮੰਡੀਕਰਨ ਵਿਕਲਪ ਅਤੇ ਦੂਸਰਾ ਸੰਸਥਾਗਤ ਮੰਡੀਕਰਨ ਵਿਕਲਪ ਜਿਸ ਵਿਚ ਉਹ ਉਪਜ ਮੰਡੀ ਵਿਚ ਸਰਕਾਰ ਵੱਲੋਂ ਤੈਅ ਨੋਡਲ ਏਜੰਸੀਆਂ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਨਿਊਨਤਮ ਸਮਰਥਨ ਮੁੱਲ ’ਤੇ ਵੇਚ ਸਕਦਾ ਹੈ। ਬਾਸਮਤੀ ਦਾ ਚੰਗਾ ਮੁੱਲ ਲੈਣ ਲਈ ਸਵੈ-ਮੰਡੀਕਰਨ ਇਕ ਬਹੁਤ ਵਧੀਆ ਵਿਕਲਪ ਹੈ। ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਣਾਉਂਦੇ ਹੋਏ ਬਾਸਮਤੀ ਦੇ 15-20% ਹਿੱਸੇ ਦੀ ਮਿਲਿੰਗ, ਪਿੰਡਾਂ ਵਿਚ ਲਗਾਏ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਜਾਂ ਕਿਸਾਨ ਖ਼ੁਦ ਦੀ ਮਿੰਨੀ ਰਾਈਸ ਮਿੱਲ ਮਸ਼ੀਨ ਖ਼ਰੀਦ ਕੇ ਕਰ ਸਕਦਾ ਹੈ। ਇਸ ਦੇ ਲਈ ਮਿਲਿੰਗ ਤੋਂ ਬਾਅਦ ਗ੍ਰੇਡਿੰਗ ਅਤੇ ਪੈਕਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪੈਕ ਕੀਤੇ ਬਾਸਮਤੀ ਚਾਵਲਾਂ ਦੀ ਸਿੱਧੀ ਮਾਰਕੀਟਿੰਗ (ਬਿਨਾਂ ਕਿਸੇ ਵਿਚੋਲੇ ਦੇ) ਖਪਤਕਾਰਾਂ ਤੱਕ ਜਾਂ ਰਿਟੇਲ ਆਊਟਲੈਟਾਂ ’ਤੇ ਮਾਰਕੀਟ ਰੇਟ ’ਤੇ ਕਰ ਸਕਦਾ ਹੈ। ਬਾਸਮਤੀ ਦੇ ਕੁਦਰਤੀ ਭੌਤਿਕ ਗੁਣ ਤੇ ਸੰਵੇਦੀ ਗੁਣ (ਗੰਧ ਅਤੇ ਸਵਾਦ) ਬਰਕਰਾਰ ਰੱਖਣ ਲਈ ਗ੍ਰੇਡਿੰਗ ਅਤੇ ਸਾਫ਼-ਸਵੱਛ ਢੁੱਕਵੀਂ ਪੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦਾ ਉੱਚਿਤ ਰਿਟੇਲ ਮੁੱਲ ਪ੍ਰਾਪਤ ਕਰ ਸਕੋ। ਮੰਡੀਆਂ ਵਿਚ ਬਾਸਮਤੀ ਝੋਨਾ ਲਿਜਾਉਣ ਤੋਂ ਪਹਿਲਾਂ 1gmarknet.nic.in ਪੋਰਟਲ ’ਤੇ ਜਾਂ e-mandikaran ਸਾਈਟ ’ਤੇ ਵੱਖ-ਵੱਖ ਮੰਡੀਆਂ ਦੇ ਰੋਜ਼ਾਨਾ ਦੇ ਰੇਟ ਪਤਾ ਕਰ ਕੇ ਹੀ ਉਸ ਮੁਤਾਬਕ ਵੱਧ ਰੇਟ ਮੁਹੱਈਆ ਕਰਾਉਣ ਵਾਲੀ ਮੰਡੀ ਵਿਚ ਜਿਨਸ ਲੈ ਕੇ ਜਾਓ।

ਪੰਜਾਬ ਦੀਆਂ ਕੁਝ ਮੰਡੀਆਂ ਜਿਵੇਂ ਕਿ ਰਾਜਪੁਰਾ, ਖੰਨਾ, ਚੀਕਾ, ਜਗਰਾਓਂ ਆਦਿ ਜਿੱਥੇ ਬਾਸਮਤੀ ਦੇ ਰੇਟ ਜ਼ਿਆਦਾਤਰ ਵੱਧ ਹੁੰਦੇ ਹਨ, ਅਜਿਹੀਆਂ ਮੰਡੀਆਂ ਰਾਹੀਂ ਮੰਡੀਕਰਨ ਕਰ ਕੇ ਜਿਨਸ ਦਾ ਉੱਚ ਮੁੱਲ ਪਾ ਸਕਦੇ ਹੋ। ਪੰਜਾਬ ਦੇ ਕੁਝ ਜ਼ਿਲ੍ਹਿਆਂ ਦੀਆਂ ਮੰਡੀਆਂ (ਅੰਮ੍ਰਿਤਸਰ, ਫਾਜ਼ਿਲਕਾ, ਪਟਿਆਲਾ, ਮਾਨਸਾ, ਗੁਰਦਾਸਪੁਰ ਜ਼ਿਲ੍ਹਿਆਂ) ਵਿਖੇ ਇਸ ਸਮੇਂ ਬਾਸਮਤੀ ਦੀ ਕੀਮਤ 3450 ਤੋਂ 3650 ਰੁਪਏ ਮਿਲ ਰਹੀ ਹੈ। ਸਰਕਾਰ ਵੱਲੋਂ ਨਿਰਧਾਰਤ ਸਮਰਥਨ ਮੁੱਲ ’ਤੇ ਝੋਨੇ ਦੀ ਖ਼ਰੀਦ ਦੇ ਫ਼ੈਸਲੇ ਦਾ ਫ਼ਾਇਦਾ ਲੈਣ ਲਈ ਸਾਫ਼-ਸਵੱਛ, ਸੁੱਕੀ ਅਤੇ ਆਪਣੇ ਪੱਧਰ ’ਤੇ ਗ੍ਰੇਡ ਕੀਤੀ ਹੋਈ ਜਿਨਸ ਮੰਡੀ ਵਿਚ ਲੈ ਕੇ ਜਾਓ। ਸਰਕਾਰ ਵੱਲੋਂ ਮੰਡੀ ਵਿਚ ਆਈ ਹਰੇਕ ਢੇਰੀ ਦੀ ਉਸੇ ਦਿਨ ਬੋਲੀ ਸਵੇਰੇ 11:30 ਵਜੇ ਤੋਂ ਸ਼ਾਮ 4:00 ਵਜੇ ਤੱਕ ਮੁਕੰਮਲ ਕਰਨ ਅਤੇ ਬੋਲੀ ਤੋਂ ਬਾਅਦ ਉਸੇ ਦਿਨ ਤੁਲਾਈ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਨਸ ਦੇ ਅਣਵਿਕੇ ਰਹਿਣ ਦਾ ਕਾਰਨ ਜਿਨਸ ਦੀ ਸਫ਼ਾਈ ਨਾ ਹੋਣਾ, ਨਮੀ ਵੱਧ ਹੋਣਾ ਅਤੇ ਨਿਰਧਾਰਤ ਮਾਪਦੰਡਾਂ ਮੁਤਾਬਕ ਨਾ ਹੋਣਾ ਹੁੰਦਾ ਹੈ। ਬੋਲੀ ਸਮੇਂ ਹਾਜ਼ਰ ਰਹਿਣ, ਜਿਨਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ-ਵੱਟਿਆਂ ਦੀ ਵਰਤੋਂ, ਕੰਡਿਆਂ ਦਾ ਜ਼ਮੀਨ ’ਤੇ ਇਕਸਾਰ ਲੈਵਲ ਹੋਣ ਆਦਿ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸੈਕਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਸੀਜ਼ਨ ਦੌਰਾਨ ਹਰੇਕ ਮੰਡੀ ਵਿਚ ਕਿਸਾਨਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਲਗਾਤਾਰ ਕੰਡੇ-ਵੱਟੇ ਅਤੇ ਤੋਲ ਚੈੱਕ ਕੀਤੇ ਜਾਂਦੇ ਹਨ।

ਝੋਨੇ ਦੀ 37.5 ਕਿੱਲੋ/ਬੋਰੀ ਦੀ ਭਰਤੀ ਨਿਸ਼ਚਤ ਕੀਤੀ ਗਈ ਹੈ। ਕਿਸਾਨਾਂ ਨੇ ਸਿਰਫ਼ ਅਨਲੋਡਿੰਗ ਦੇ 2.45 ਰੁਪਏ/ਯੂਨਿਟ ਅਤੇ ਮਸ਼ੀਨ ਰਾਹੀਂ ਸਾਫ਼-ਸਫ਼ਾਈ ਦੇ 4.34 ਰੁਪਏ/ਯੂਨਿਟ ਦਾ ਭੁਗਤਾਨ ਕਰਨਾ ਹੈ। ਬਾਕੀ ਭਰਾਈ, ਤੋਲਾਈ, ਸਿਲਾਈ ਅਤੇ ਲੋਡਿੰਗ ਦਾ ਖ਼ਰਚਾ ਖ਼ਰੀਦ ਏਜੰਸੀ/ਖ਼ਰੀਦਦਾਰ ਵੱਲੋਂ ਦਿੱਤਾ ਜਾਣਾ ਹੁੰਦਾ ਹੈ। ਜਿਨਸ ਦੇ ਬੇਲੋੜੇ ਨੁਕਸਾਨ ਤੋਂ ਬਚਣ ਲਈ ਮਸ਼ੀਨ ਨਾਲ ਸਫ਼ਾਈ (ਪਾਵਰ ਆਪ੍ਰੇਟਡ) ਸਿਰਫ਼ ਇਕ ਵਾਰੀ ਅਤੇ ਹੱਥੀਂ ਸਫ਼ਾਈ ਦੋ ਵਾਰ ਤੋਂ ਵੱਧ ਨਾ ਕਰਵਾਈ ਜਾਵੇ।

ਸਫਲ ਮੰਡੀਕਰਨ ਲਈ ਮੰਡੀ ਬੋਰਡ ਪੱਧਰ, ਜ਼ਿਲ੍ਹਾ ਪੱਧਰ, ਸਟੇਟ ਪੱਧਰ ਉੱਪਰ ਕੰਟਰੋਲ ਰੂਮ ਬਣਾਏ ਜਾਂਦੇ ਹਨ। ਖ਼ਰੀਦ ਏਜੰਸੀ ਵੱਲੋਂ ਅਨਾਜ ਖ਼ਰੀਦ ਪੋਰਟਲ ਰਾਹੀਂ ਜਿਨਸ ਦੀ ਅਦਾਇਗੀ ਵੇਚਣ ਵਾਲੇ ਜ਼ਿਮੀਦਾਰ ਦੇ ਖਾਤੇ ਵਿਚ ਆਨਲਾਈਨ ਹੀ ਕੀਤੀ ਜਾਵੇਗੀ। ਜੇ-ਫਾਰਮ ਵੀ ਇਸੇ ਪੋਰਟਲ ਰਾਹੀਂ ਆਨਲਾਈਨ ਪ੍ਰਾਪਤ ਕੀਤਾ ਜਾ ਸਕੇਗਾ। ਸੋ, ਆਪਣੀ ਝੋਨੇ ਦੀ ਉਪਜ ਨੂੰ ਸਾਫ਼-ਸੁਥਰੀ, ਸੁੱਕੀ, ਨਮੀ ਰਹਿਤ, ਇਕਸਾਰ ਗੁਣਵੱਤਾ ਵਾਲੀ, ਅਸ਼ੁੱਧੀਆਂ ਰਹਿਤ ਅਤੇ ਮੌਸਮ ਦਾ ਧਿਆਨ ਰੱਖਦੇ ਹੋਏ ਲੈ ਕੇ ਜਾਓ ਤਾਂ ਜੋ ਮੰਡੀਕਰਨ ਸੁਖਾਲਾ, ਸੁਚੱਜਾ, ਸਮੇਂ ਸਿਰ, ਕੁਸ਼ਲ ਤੇ ਉੱਚ ਮੁੱਲ ਦਿਵਾਉਣ ਵਾਲਾ ਹੋਵੇ।

Tags:
Next Story
Share it